International Journal of Contemporary Research In Multidisciplinary, 2025;4(2):523-527
ਸਾਹਿਤ ਵਿੱਚ ਨਾਰੀ ਬਿੰਬ ਦੀ ਘਾੜ੍ਹਤ
Author Name: ਡਾ. ਹਰਵਿੰਦਰ ਕੌਰ;
Abstract
ਸਾਹਿਤ ਅਤੇ ਸਮਾਜ ਦੋ ਵੱਖ-ਵੱਖ ਧਰਾਤਲ ਹਨ। ਸਮਾਜ ਵਿਚ ਰਹਿ ਰਿਹਾ ਆਮ ਮਨੁੱਖ ਜੀਵਨ ਦੀ ਜਟਿਲਤਾ ਨੂੰ ਸਮਝਣ ਵਿਚ ਅਸਮਰੱਥ ਹੁੰਦਾ ਹੈ। ਪਰੰਤੂ ਨਾਟਕਕਾਰ ਮਾਨਵੀਂ ਜੀਵਨ ਦੇ ਅੰਤਰ-ਵਿਰੋਧਾਂ ਨੂੰ ਸਮਝ ਕੇ ਜੀਵਨ ਦੇ ਯਾਥਰਥ ਬਿੰਬ ਨੂੰ ਪੇਸ਼ ਕਰਦਾ। ਇਸ ਬਿੰਬ ਵਿਚ ਸਮਾਜਿਕ ਬਣਤਰ ਦਾ ਸਮੁੱਚਾ ਢਾਂਚਾ ਕਾਰਜਸ਼ੀਲ ਹੁੰਦਾ ਹੈ। ਇਸ ਢਾਂਚੇ ਵਿਚ ਨਾਰੀ ਦਾ ਵਿਵਹਾਰ ਪਹਿਲਾ ਤੋਂ ਹੀ ਤੈਅ ਕੀਤਾ ਗਿਆ ਹੁੰਦਾ ਹੈ। ਇਹ ਵਿਵਹਾਰ ਔਰਤ ਨੂੰ ਬੜੀ ਚਲਾਕੀ ਨਾਲ ਨੈਤਿਕਤਾ ਦੀ ਬੁਰਕੀ ਵਿਚ ਲਪੇਟ ਕੇ ਦਿੱਤਾ ਜਾਂਦਾ ਹੈ। ਨਾਟਕਕਾਰ ਇਸ ਵਿਚ ਕਾਰਜ਼ਸੀਲ ਵਿਚਾਰਧਾਰਕ ਸੰਸਥਾਵਾਂ ਦੀ ਸਮੁੱਚੀ ਕਾਰਵਾਈ ਨੂੰ ਸਾਡੇ ਸਨਮੁੱਖ ਕਰਦਾ ਹੈ। ਜਿਵੇਂ ਘਰ, ਪਰਿਵਾਰ, ਧਰਮ, ਸਕੂਲ, ਰਾਜਨੀਤੀ, ਕਾਨੂੰਨ ਆਦਿ ਸਮਾਜਿਕ ਸੰਸਥਾਵਾਂ ਹਨ, ਜਿਹੜੀਆਂ ਨਾਰੀ ਦੇ ਵਿਵਹਾਰ ਨੂੰ ਨਿਸ਼ਚਿਤ ਕਰਦੀਆਂ ਹਨ। ਨਾਰੀ ਦੀ ਸਥਿਤੀ ਇੰਨੀ ਸਹਿਜ ਕਿਉਂ ਅਤੇ ਕਿਵੇਂ ਹੋ ਜਾਂਦੀ ਹੈ ਕਿ ਉਹ ਪਹਿਲਾ ਤੋਂ ਹੀ ਤੈਅ ਵਿਵਹਾਰ ਨੂੰ ਅਪਣਾ ਲੈਂਦੀ ਹੈ। ਕਿਉਂ ਅਤੇ ਕਿਵੇਂ ਦੇ ਪ੍ਰਸ਼ਨ ਵਿਚਾਰਧਾਰਾ ਨਾਲ ਜੁੜੇ ਹੁੰਦੇ ਹਨ ਅਤੇ ਕੋਈ ਵੀ ਸਮਾਜ ਵਿਚਾਰਧਾਰਾ ਤੋਂ ਮੁਕਤ ਨਹੀਂ ਹੋ ਸਕਦਾ ਕਿਉਂਕਿ ਸਮਾਜ ਨਿਰਲੇਪ ਵਰਤਾਰਾ ਨਹੀਂ ਸਗੋਂ ਉਤਪਾਦਨ ਦੀ ਵਿਧੀ ਵਿਚੋਂ ਉਪਜਿਆ ਮਨੁੱਖੀ ਕਦਰ ਪ੍ਰਬੰਧ ਹੁੰਦਾ ਹੈ ਜਿਸ ਰਾਹੀਂ ਮਨੁੱਖ ਆਪਣੀ ਜ਼ਿੰਦਗੀ ਜ਼ਿਉਂਦੇ ਹਨ। ਵਿਚਾਰਧਾਰਾ ਦੀਆਂ ਸਾਖਾਵਾਂ ਸਮਾਜਿਕ ਸੰਸਥਾਵਾਂ ਹੁੰਦੀਆਂ ਹਨ। ਇਹ ਸੰਸਥਾਵਾਂ ਸਮਾਜ ਨੂੰ ਹੀ ਪ੍ਰਦਰਸ਼ਿਤ ਕਰ ਰਹੀਆਂ ਹੁੰਦੀਆਂ ਹਨ ਇਸ ਲਈ ਲਿਖਤ ਵਿਚ ਪ੍ਰਸਤੁਤ ਮਨੁੱਖੀ ਜੀਵਨ ਦਾ ਦ੍ਰਿਸ਼ ਸਮਾਜ ਦਾ ਦ੍ਰਿਸ਼ ਨਹੀਂ ਹੁੰਦਾ ਸਗੋਂ ਇਕ ਸਮੂਹ ਦਾ ਹੁੰਦਾ ਹੈ ਜਿਹੜਾ ਅੰਕੜਿਆਂ ਰਾਹੀਂ ਸਾਹਮਣੇ ਨਹੀਂ ਆਉਂਦਾ ਸਗੋਂ ਮਨੁੱਖੀ ਅਨੁਭਵ ਦੁਆਰਾ ਕਸ਼ੀਦਿਆਂ ਤੱਤ ਬਣ ਕੇ ਸਾਹਮਣੇ ਆਉਂਦਾ ਹੈ।
ਨਾਟਕਕਾਰ ਨੇ ਇਸ ਕਸ਼ੀਦੇ ਤੱਤ ਨੂੰ ਹੀ ਬਿੰਬ ਵਿਚ ਢਾਲ ਕੇ ਨਵੇਂ ਸਿਰਿਓ ਤੋਂ ਨਾਰੀ ਬਿੰਬ ਨੂੰ ਘੜ੍ਹਨਾ ਹੁੰਦਾ ਹੈ। ਨਾਟਕਕਾਰ ਸਮਾਜ ਦੀ ਕਿਸੇ ਇਕ ਘਟਨਾ ਜਾਂ ਵਰਤਾਰੇ ਨੂੰ ਲੈ ਕੇ ਨਵੇਂ ਬਿਰਤਾਂਤ ਦੀ ਸਿਰਜਣਾ ਕਰਦਾ ਹੈ। ਨਵਾਂ ਬਿਰਤਾਂਤ ਵਰਤਮਾਨ ਦਾ ਪ੍ਰਸੰਗ ਸਿਰਜ ਕੇ ਅਤੀਤ ਨਾਲ ਸੰਵਾਦ ਰਚਾ ਕੇ ਸਮਾਜਿਕ ਅਵਚੇਤਨ ਘੜ੍ਹ ਕੇ ਉਹਨਾਂ ਮੁੱਦਿਆਂ ਨੂੰ ਜ਼ਾਹਿਰ ਕਰਦਾ ਹੈ ਜੋ ਮੂਲ ਰੂਪ ਵਿਚ ਸਮਾਜ ਦੀ ਰਾਜਨੀਤੀ ਨੂੰ ਪੇਸ਼ ਕਰਦੇ ਹਨ।
Keywords
ਦਵੰਦਾਤਮਕ, ਬਿੰਬ, ਵਿਚਾਰਧਾਰਾ, ਬਿਰਤਾਂਤ, ਸੱਤਾ, ਘਾੜ੍ਹਤ ਆਦਿ।